August 24, 2026
Narula / Chandigarh
ਚੰਡੀਗੜ੍ਹ, 24 ਅਗਸਤ :
ਛਾਤੀ ਦੇ ਕੈਂਸਰ ਦਾ ਇਲਾਜ ਸਿਰਫ਼ ਸਰਜਰੀ ਅਤੇ ਕੀਮੋਥੈਰੇਪੀ ਤੱਕ ਸੀਮਤ ਨਹੀਂ ਹੁੰਦਾ ਸਗੋਂ ਕੁਝ ਮਰੀਜ਼ਾਂ ਨੂੰ ਰੇਡੀਏਸ਼ਨ, ਟਾਰਗੇਟਿਡ ਜਾਂ ਹਾਰਮੋਨ ਥੈਰੇਪੀ ਦੇ ਨਾਲ ਲੰਬੇ ਸਮੇਂ ਤੱਕ ਫਾਲੋ-ਅੱਪ ਦੀ ਵੀ ਲੋੜ ਪੈ ਸਕਦੀ ਹੈ। ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਰਾਹੀਂ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਰਾਹੀਂ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਪ੍ਰਦਾਨ ਕਰਕੇ ਇਲਾਜ ਜਾਰੀ ਰੱਖਣ ਦੌਰਾਨ ਆਰਥਿਕ ਕਿੱਲਤ ਨੂੰ ਦੂਰ ਕਰਨ ਵਿੱਚ ਸਹਾਹਿਤਾ ਕੀਤੀ ਜਾ ਰਹੀ ਹੈ।
ਛਾਤੀ ਦਾ ਕੈਂਸਰ ਹੋਣ ’ਤੇ ਛਾਤੀ ਵਿੱਚ ਅਸਧਾਰਨ ਕੋਸ਼ਿਕਾਵਾਂ ਬੇਕਾਬੂ ਢੰਗ ਨਾਲ ਵਧਣ ਅਤੇ ਫੈਲਣ ਲੱਗ ਜਾਂਦੀਆਂ ਹਨ। ਭਾਰਤ ਦੀਆਂ ਔਰਤਾਂ ਵਿੱਚ ਹੋਣ ਵਾਲੇ ਕੈਂਸਰ ਦੀ ਇਹ ਸਭ ਤੋਂ ਆਮ ਕਿਸਮ ਹੈ। ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ-ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਇਨਫੋਰਮੈਟਿਕਸ ਐਂਡ ਰਿਸਰਚ (ਆਈ.ਸੀ.ਐਮ.ਆਰ.-ਐਨ.ਸੀ.ਡੀ.ਆਈ.ਆਰ.) ਅਨੁਸਾਰ ਸਾਲ 2022 ਵਿੱਚ ਭਾਰਤ ਵਿੱਚ ਅੰਦਾਜ਼ਨ 2,16,108 ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਪਛਾਣ ਹੋਈ ਸੀ, ਜਦਕਿ ਸਾਲ 2025 ਵਿੱਚ ਇਹ ਗਿਣਤੀ ਵਧ ਕੇ 2,32,832 ਹੋਣ ਦਾ ਅਨੁਮਾਨ ਸੀ। ਪ੍ਰੋਗਰਾਮ ਦੇ ਅਨੁਮਾਨ ਅਨੁਸਾਰ, 29 ਭਾਰਤੀ ਔਰਤਾਂ ਵਿੱਚੋਂ ਇੱਕ ਨੂੰ 74 ਸਾਲ ਦੀ ਉਮਰ ਤੱਕ ਪਹੁੰਚਦਿਆਂ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਇਸ ਸਬੰਧੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਆਰਥਿਕ ਦਿੱਕਤਾਂ , ਕਿਸੇ ਵੀ ਯੋਗ ਮਰੀਜ਼ ਲਈ ਮਿਆਰੀ ਸਿਹਤ ਸੇਵਾਵਾਂ ਲੈਣ ਲਈ ਅੜਿੱਕਾ ਨਾ ਬਣਨ। ਉਨ੍ਹਾਂ ਕਿਹਾ, “ਕਿਸੇ ਵੀ ਤਰ੍ਹਾਂ ਦੀ ਵਿੱਤੀ ਤੰਗੀ ਕਾਰਨ ਯੋਗ ਮਰੀਜ਼ ਮਿਆਰੀ ਕੈਂਸਰ ਦੇ ਇਲਾਜ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ।’’
ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ ਵਿਖੇ ਰੇਡੀਏਸ਼ਨ ਔਨਕੋਲੋਜੀ ਦੀ ਪ੍ਰੋਫੈਸਰ ਅਤੇ ਮੁਖੀ ਡਾ. ਕਰੁਣਾ ਸਿੰਘ ਨੇ ਕਿਹਾ ਕਿ ਕੈਂਸਰ ਦੇ ਇਲਾਜ ਦੀ ਪੂਰੀ ਪ੍ਰਕਿਰਿਆ ਕਈ ਮਹੀਨਿਆਂ ਤੱਕ ਚੱਲ ਸਕਦੀ ਹੈ ਅਤੇ ਕੁਝ ਮਰੀਜ਼ਾਂ ਲਈ ਇਹ ਮਿਆਦ ਹੋਰ ਵੀ ਵਧ ਸਕਦੀ ਹੈ। ਉਨ੍ਹਾਂ ਦੱਸਿਆ, “ ਛਾਤੀ ਦੇ ਕੈਂਸਰ ਦਾ ਇਲਾਜ ਲੰਬੇ ਸਮੇਂ ਤੱਕ ਚੱਲ ਸਕਦਾ ਹੈ ਇਸੇ ਲਈ ਕੁਝ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਥੈਰੇਪੀ ਅਤੇ ਫਾਲੋ-ਅੱਪ ਦੀ ਲੋੜ ਹੁੰਦੀ ਹੈ। ਛਾਤੀ ਦੇ ਕੈਂਸਰ ਦੇ ਇਲਾਜ ਦਾ ਸ਼ੁਰੂਆਤੀ ਪੜਾਅ ਕਈ ਮਹੀਨਿਆਂ ਤੱਕ ਚੱਲ ਸਕਦਾ ਹੈ, ਜਦਕਿ ਕੁਝ ਮਰੀਜ਼ਾਂ ਨੂੰ ਟਾਰਗੇਟਿਡ ਜਾਂ ਹਾਰਮੋਨਲ ਥੈਰੇਪੀ ਦੇ ਨਾਲ ਸਾਲਾਂ ਤੱਕ ਫਾਲੋ-ਅੱਪ ਦੀ ਲੋੜ ਪੈ ਸਕਦੀ ਹੈ।’’
ਇਸ ਤੋਂ ਬਾਅਦ ਵੀ ਸਾਲਾਂ ਤੱਕ ਨਿਯਮਿਤ ਫਾਲੋ-ਅੱਪ ਜਾਰੀ ਰਹਿੰਦੇ ਹਨ, ਜਿਸ ਦੌਰਾਨ ਸਿਹਤਯਾਬੀ, ਇਲਾਜ ਦੇ ਮਾੜੇ ਪ੍ਰਭਾਵਾਂ ਅਤੇ ਬੀਮਾਰੀ ਦੇ ਮੁੜ ਹੋਣ ਦੇ ਸੰਕੇਤਾਂ ਦੀ ਨਜ਼ਰਸਾਨੀ ਕਰਨ ਲਈ ਕਲੀਨਿਕਲ ਜਾਂਚਾਂ ਅਤੇ ਲੋੜੀਂਦੇ ਟੈਸਟ ਕੀਤੇ ਜਾਂਦੇ ਹਨ।
ਡਾ. ਕਰੁਣਾ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਲਾਜ ਬੀਮਾਰੀ ਦੀ ਸਥਿਤੀ ਅਤੇ ਇਸ ਦੀਆਂ ਜੈਵਿਕ ਲੱਛਣਾ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ, “ਲੋਕੋਰੀਜਨਲ ਬੀਮਾਰੀ ਦੇ ਮਾਮਲੇ ਵਿੱਚ ਇਲਾਜ ਵਿੱਚ ਕੀਮੋਥੈਰੇਪੀ, ਸਰਜਰੀ ਅਤੇ ਰੇਡੀਏਸ਼ਨ ਥੈਰੇਪੀ ਸ਼ਾਮਲ ਹੋ ਸਕਦੀ ਹੈ ਅਤੇ ਲੋੜ ਪੈਣ ’ਤੇ ਹਾਰਮੋਨ ਥੈਰੇਪੀ ਵੀ ਦਿੱਤੀ ਜਾ ਸਕਦੀ ਹੈ। ਮੈਟਾਸਟੈਟਿਕ ਬੀਮਾਰੀ ਵਿੱਚ ਮਰੀਜ਼ ਦੀ ਵਿਅਕਤੀਗਤ ਸਥਿਤੀ ਦੇ ਆਧਾਰ ’ਤੇ ਇਮਿਊਨੋਥੈਰੇਪੀ ਦੇ ਨਾਲ ਜਾਂ ਇਸ ਤੋਂ ਬਿਨਾਂ ਕੀਮੋਥੈਰੇਪੀ ਦੀ ਵਰਤੋਂ ਕੀਤੀ ਜਾ ਸਕਦੀ ਹੈ।”
ਕਈ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਸਬੰਧ ਜੈਨੇਟਿਕ ਕਾਰਕਾਂ ਨਾਲ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ, “ਜੇ ਇਹ 30–40 ਸਾਲ ਦੀ ਉਮਰ ਵਿੱਚ, ਖ਼ਾਸ ਕਰਕੇ ਮੀਨੋਪੌਜ਼ ਤੋਂ ਪਹਿਲਾਂ ਹੁੰਦਾ ਹੈ, ਤਾਂ ਇਹ ਵਧੇਰੇ ਗੰਭੀਰ ਰੂਪ ਵਾਲਾ, ਹਾਰਮੋਨ ਰਿਸੈਪਟਰ ਨੇਗੇਟਿਵ ਜਾਂ ਟ੍ਰਿਪਲ ਨੇਗੇਟਿਵ ਹੋ ਸਕਦਾ ਹੈ। ਇਸ ਦੇ ਉਲਟ, 50 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਇਹ ਹਾਰਮੋਨ ਪਾਜ਼ੀਟਿਵ ਹੁੰਦਾ ਹੈ, ਆਮ ਤੌਰ ’ਤੇ ਘੱਟ ਗੰਭੀਰ ਹੁੰਦਾ ਹੈ ਅਤੇ ਇਸ ਦਾ ਪੂਰਵ-ਅਨੁਮਾਨ ਅਕਸਰ ਬਿਹਤਰ ਹੁੰਦਾ ਹੈ, ਖ਼ਾਸ ਕਰਕੇ ਸਟੇਜ 1–3 ਵਿੱਚ।”
ਡਾ. ਕਰੁਣਾ ਸਿੰਘ ਨੇ ਕਿਹਾ ਕਿ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਮੁੱਖ ਮੰਤਰੀ ਸਿਹਤ ਯੋਜਨਾ ਖ਼ਾਸ ਤੌਰ ’ਤੇ ਮਹੱਤਵਪੂਰਨ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ, “ਇਨ੍ਹਾਂ ਵਿੱਚੋਂ ਬਹੁਤੇ ਮਰੀਜ਼ ਇਸ ਸਹਾਇਤਾ ਨਾਲ ਆਪਣਾ ਇਲਾਜ ਪੂਰਾ ਕਰ ਪਾਉਂਦੇ ਹਨ।”ਉਨ੍ਹਾਂ ਕਿਹਾ ਕਿ ਯੋਜਨਾ ਦੀ ਮਹੱਤਤਾ ਡਾਕਟਰੀ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਨਹੀਂ ਸਗੋਂ ਇਲਾਜ ਪੂਰਾ ਕਰਨ ਵਿੱਚ ਆਉਣ ਵਾਲੀ ਵਿੱਤੀ ਮੁਸ਼ਕਲ ਨੂੰ ਦੂਰ ਕਰਨ ਵਿੱਚ ਹੈ।
ਲੰਬੇ ਸਮੇਂ ਤੱਕ ਚੱਲਣ ਵਾਲੇ ਕੈਂਸਰ ਦੇ ਇਲਾਜ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਲਈ ਅਜਿਹੀ ਸਹਾਇਤਾ ਦਾ ਮਤਲਬ ਘੱਟ ਵਿੱਤੀ ਬੋਝ, ਇਲਾਜ ਪੂਰਾ ਕਰਨ ’ਤੇ ਵਧੇਰੇ ਧਿਆਨ, ਫਾਲੋ-ਅੱਪ ਜਾਰੀ ਰੱਖਣ ਅਤੇ ਸਿਹਤਯਾਬੀ ਵੱਲ ਵਧਣ ਵਿੱਚ ਮਦਦ ਹੋ ਸਕਦਾ ਹੈ।
Powered by Froala Editor