August 25, 2026
Jassi / New Delhi
ਨਵੀਂ ਦਿੱਲੀ, 25 ਅਗਸਤ :ਦੇਸ਼ ਵਿੱਚ ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਨੇ ਬਾਜ਼ਾਰ ਵਿੱਚ ਆਪਣਾ ਬਫਰ ਸਟਾਕ ਉਤਾਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਮਹਾਰਾਸ਼ਟਰ ਦੇ ਨਾਸਿਕ ਤੋਂ ਵੱਡੀ ਖਪਤ ਵਾਲੇ ਕੇਂਦਰਾਂ ਤੱਕ ਪਿਆਜ਼ ਪਹੁੰਚਾਉਣ ਲਈ ‘ਕਾਂਦਾ ਐਕਸਪ੍ਰੈੱਸ’ ਰਾਹੀਂ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਾਹਿਰਾਂ ਮੁਤਾਬਕ ਅਗਸਤ ਅਤੇ ਸਤੰਬਰ ਦੌਰਾਨ ਤਿਉਹਾਰਾਂ ਦੀ ਮੰਗ ਵਧਣ, ਮੌਸਮ ਵਿੱਚ ਤਬਦੀਲੀ, ਸਪਲਾਈ ਚੇਨ ਨਾਲ ਜੁੜੀਆਂ ਰੁਕਾਵਟਾਂ ਅਤੇ ਖਪਤ ਦੇ ਪੈਟਰਨ ਵਿੱਚ ਬਦਲਾਅ ਕਾਰਨ ਪਿਆਜ਼ ਦੀਆਂ ਕੀਮਤਾਂ ਵਿੱਚ ਮੌਸਮੀ ਵਾਧਾ ਦੇਖਣ ਨੂੰ ਮਿਲਦਾ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਬਫਰ ਸਟਾਕ ਨੂੰ ਲੋੜ ਅਨੁਸਾਰ ਬਾਜ਼ਾਰ ਵਿੱਚ ਜਾਰੀ ਕਰਦੀ ਹੈ, ਤਾਂ ਜੋ ਖਪਤਕਾਰਾਂ ਨੂੰ ਵਧੀਆਂ ਕੀਮਤਾਂ ਤੋਂ ਰਾਹਤ ਮਿਲ ਸਕੇ।
ਪਿਛਲੇ ਕੁਝ ਦਿਨਾਂ ਤੋਂ ਪਿਆਜ਼ ਦੀਆਂ ਕੀਮਤਾਂ ਵਿੱਚ ਤੇਜ਼ੀ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਦਿੱਲੀ ਵਿੱਚ ਪਿਆਜ਼ ਦਾ ਖੁਦਰਾ ਭਾਅ ਕਰੀਬ 55 ਰੁਪਏ ਪ੍ਰਤੀ ਕਿਲੋ ਰਿਹਾ, ਜਦਕਿ ਪਿਛਲੇ ਸਾਲ ਇਸੇ ਸਮੇਂ ਇਹ ਲਗਭਗ 35 ਰੁਪਏ ਸੀ। ਚੇਨਈ ਵਿੱਚ ਪਿਆਜ਼ ਦਾ ਭਾਅ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ, ਜਦਕਿ ਇੱਕ ਸਾਲ ਪਹਿਲਾਂ ਇਹ ਕਰੀਬ 33 ਰੁਪਏ ਸੀ। ਇਸੇ ਤਰ੍ਹਾਂ ਕੋਲਕਾਤਾ ਵਿੱਚ ਵੀ ਪਿਆਜ਼ ਲਗਭਗ 53 ਰੁਪਏ ਪ੍ਰਤੀ ਕਿਲੋ ਵਿਕਿਆ।
ਸਰਕਾਰ ਵੱਲੋਂ ਪਿਆਜ਼ ਦੀਆਂ ਕੀਮਤਾਂ ‘ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਨਿਧੀ ਖਰੇ ਨੇ ਕਿਹਾ ਕਿ ਨਾਸਿਕ ਦੀਆਂ ਮੰਡੀਆਂ ਵਿੱਚ ਪਿਆਜ਼ ਦੇ ਭਾਅ ਦਿੱਲੀ ਨਾਲੋਂ ਜ਼ਿਆਦਾ ਹੋਣਾ ਆਮ ਸਥਿਤੀ ਨਹੀਂ ਹੈ। ਉਨ੍ਹਾਂ ਮੁਤਾਬਕ, ਕੀਮਤਾਂ ਵਿੱਚ ਇਸ ਤਰ੍ਹਾਂ ਦੇ ਫਰਕ ਪਿੱਛੇ ਵਪਾਰਕ ਗਤੀਵਿਧੀਆਂ ਅਤੇ ਸੱਟੇਬਾਜ਼ੀ ਦੀ ਸੰਭਾਵਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਕੋਲ ਇਸ ਸਾਲ ਲਈ ਕਰੀਬ 1.21 ਲੱਖ ਟਨ ਪਿਆਜ਼ ਦਾ ਬਫਰ ਸਟਾਕ ਮੌਜੂਦ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਸਟਾਕ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਹੈ।
ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਦੱਸਿਆ ਕਿ ਵਿਸ਼ੇਸ਼ ਟਰੇਨ ਵਿੱਚ ਪਿਆਜ਼ ਦੀ ਖੇਪ ਲੋਡ ਕੀਤੀ ਜਾ ਰਹੀ ਹੈ। ਇਹ ਖੇਪ ਬੁੱਧਵਾਰ ਤੱਕ ਨਿਰਧਾਰਤ ਕੇਂਦਰਾਂ ‘ਤੇ ਪਹੁੰਚਣ ਦੀ ਉਮੀਦ ਹੈ। ਇਸ ਤੋਂ ਬਾਅਦ NCCF ਅਤੇ NAFED ਵਰਗੀਆਂ ਸਰਕਾਰੀ ਏਜੰਸੀਆਂ ਰਾਹੀਂ ਪਿਆਜ਼ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਖੁਦਰਾ ਬਾਜ਼ਾਰ ਵਿੱਚ ਮੁਹੱਈਆ ਕਰਵਾਇਆ ਜਾਵੇਗਾ।
Powered by Froala Editor