May 4, 2026
04 ਮਈ 2026 :-
ਜ਼ਿਲ੍ਹਾ ਫਾਜ਼ਿਲਕਾ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਖੇਤੀਬਾੜੀ ਵਿਭਾਗ ਤੋਂ ਪ੍ਰੇਰਨਾ ਲੈ ਕੇ ਪਿੰਡ ਝੋਟਿਆਂ ਵਾਲੀ ਦੇ ਕਿਸਾਨ ਸ੍ਰੀ ਰਮੇਸ਼ ਕੁਮਾਰ ਪੁੱਤਰ ਸ਼ੋਭਾ ਰਾਮ ਨੇ ਆਪਣੇ 5 ਏਕੜ ਰਕਬੇ ਵਿੱਚ ਨਰਮੇ ਦੀ ਬਿਜਾਈ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਖੇਤੀ ਨੂੰ ਪ੍ਰੋਤਸਾਹਿਤ ਕਰਨ ਲਈ ਪ੍ਰਮਾਣਿਤ ਬੀਜਾਂ ਉੱਤੇ 33 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਨਰਮਾ ਇੱਕ ਮਹੱਤਵਪੂਰਨ ਨਕਦੀ ਫਸਲ ਹੈ, ਜੋ ਘੱਟ ਪਾਣੀ ਨਾਲ ਵੀ ਵਧੀਆ ਉਪਜ ਦੇ ਸਕਦੀ ਹੈ ਅਤੇ ਇਸ ਨਾਲ ਜ਼ਮੀਨੀ ਪਾਣੀ ਦੀ ਸੰਭਾਲ ਵਿੱਚ ਵੀ ਯੋਗਦਾਨ ਪੈਂਦਾ ਹੈ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਸਿਫਾਰਸ਼ੀ ਕਿਸਮਾਂ, ਢੁੱਕਵੇਂ ਸਮੇਂ, ਸੰਤੁਲਿਤ ਖਾਦ ਪ੍ਰਬੰਧਨ ਅਤੇ ਕੀੜੇ ਮਕੌੜਿਆਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਨਾਲ ਜੋੜਨ ਲਈ ਫੀਲਡ ਦੌਰੇ, ਸਿਖਲਾਈ ਕੈਂਪ ਅਤੇ ਜਾਗਰੂਕਤਾ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਰਹੇ ਹਨ।
ਮੁੱਖ ਖੇਤੀਬਾੜੀ ਅਫਸਰ ਡਾ਼ ਹਰਬੰਸ ਸਿੰਘ ਸਿੱਧੂ ਨੇ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਨਰਮੇ ਦੀ ਖੇਤੀ ਵੱਲ ਰੁਝਾਨ ਵਧਾਉਣ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਭਰੋਸਾ ਦਿਵਾਇਆ ਕਿ ਖੇਤੀਬਾੜੀ ਵਿਭਾਗ ਹਮੇਸ਼ਾ ਕਿਸਾਨਾਂ ਦੇ ਨਾਲ ਖੜਾ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ, ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ ਅਤੇ ਖੇਤੀ ਖੇਤਰ ਹੋਰ ਮਜ਼ਬੂਤ ਬਣੇ।
Powered by Froala Editor