September 24, 2026
Jassi / SAS Nagar
ਚੰਡੀਗੜ੍ਹ , 24 ਸਤੰਬਰ (ਨਰੂਲਾ) : ਚੰਡੀਗੜ੍ਹ ਵਿੱਚ ‘ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ’ (ਗਮਾਡਾ) ਦੇ ਦਫ਼ਤਰਾਂ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ‘ਇਨਫੋਰਸਮੈਂਟ ਡਾਇਰੈਕਟੋਰੇਟ’ (ਈਡੀ) ਦੀਆਂ ਹੋਈਆਂ ਛਾਪੇਮਾਰੀਆਂ ਵਿਰੁੱਧ ਅੱਜ ਆਪ’ ਵਰਕਰਾਂ ਮੋਹਾਲੀ ਸਥਿਤ ‘ਪੂਡਾ ਭਵਨ’ (PUDA Bhawan) ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਸੁਰੱਖਿਆ ਕਰਮਚਾਰੀਆਂ ਨਾਲ ਮੁਜ਼ਾਹਰਾਕਾਰੀਆਂ ਦੀ ਝੜਪ ਹੋ ਗਈ।
ਵਰਕਰ ਬੈਰੀਕੇਡ ਤੋੜ ਕੇ ਗਮਾਡਾ ਦੇ ਦਫ਼ਤਰ ਦੇ ਬਾਹਰਲੇ ਹਿੱਸੇ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਏ; ਹਾਲਾਂਕਿ, ਸੀਆਰਪੀਐਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਇਮਾਰਤ ਵਿੱਚ ਹੋਰ ਅੱਗੇ ਵਧਣ ਤੋਂ ਰੋਕ ਦਿੱਤਾ। ਈ ਡੀ ਦੀ ਰੇਡ ਦੇ ਮੱਦੇਨਜ਼ਰ ਪੂਡਾ ਭਵਨ ਵਿਖੇ ਸੀਆਰਪੀਐਫ ਦੇ ਜਵਾਨਾਂ ਦੀ ਵੱਡੀ ਗਿਣਤੀ ਵਿੱਚ ਤਾਇਨਾਤੀ ਕੀਤੀ ਗਈ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਈਡੀ ਦੀ ਕਾਰਵਾਈ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਵਿੱਚ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ ।
ਪ੍ਰਦਰਸ਼ਨ ਕਰਨ ਵਾਲਿਆਂ ਵਿੱਚ PRTC ਦੇ ਚੇਅਰਮੈਨ ਹਰਪਾਲ ਜੁਨੇਜਾ, ਪਾਰਟੀ ਦੇ ਸੂਬਾ ਸਕੱਤਰ ਜਗਦੀਪ ਸਿੰਘ ਜੱਗਾ, ਸੰਨੀ ਆਹਲੂਵਾਲੀਆ, ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੋਰ, ਜ਼ਿਲ੍ਹਾ ਮੀਡੀਆ ਇੰਚਾਰਜ ਜਸਪਾਲ ਸਿੰਘ, ਮਾਲਵਾ ਈਸਟ ਦੇ ਜੋਨਲ ਮੀਡੀਆ ਸਕੱਤਰ ਮਹਿੰਦਰ ਮੋਹਨ ਸਿੰਘ ਆਦਿ ਸ਼ਾਮਲ ਸਨ ।
Powered by Froala Editor
ED