November 5, 2026
ਨਰੂਲਾ / ਚੰਡੀਗੜ
ਚੰਡੀਗੜ੍ਹ, 5 ਨਵੰਬਰ ( ਨਰੂਲਾ ):-
ਪੰਜਾਬ ਭਰ ਦੇ ਵਿਦਿਆਰਥੀਆਂ ਲਈ ਸਿਵਲ ਸੇਵਾਵਾਂ ਦੀ ਤਿਆਰੀ ਨੂੰ ਪਹੁੰਚਯੋਗ ਬਣਾਉਣ ਦੇ ਮੰਤਵ ਨਾਲ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ 1,000 ਕਾਲਜ ਵਿਦਿਆਰਥੀਆਂ ਨੂੰ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਸਿਵਲ ਸੇਵਾਵਾਂ ਪ੍ਰੀਖਿਆ ਅਤੇ ਪੰਜਾਬ ਸਿਵਲ ਸੇਵਾਵਾਂ (ਪੀ.ਸੀ.ਐਸ.) ਪ੍ਰੀਖਿਆਵਾਂ ਲਈ ਪੂਰੀ ਤਰ੍ਹਾਂ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।
ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ਼ੁਰੂ ਕੀਤੇ ਜਾ ਰਹੇ ਇਸ ਪ੍ਰੋਗਰਾਮ ਤਹਿਤ ਸਰਕਾਰੀ ਕਾਲਜਾਂ ਦੇ 750 ਅਤੇ ਪ੍ਰਾਈਵੇਟ ਕਾਲਜਾਂ ਦੇ 250 ਵਿਦਿਆਰਥੀਆਂ ਨੂੰ ਕਵਰ ਕੀਤਾ ਜਾਵੇਗਾ। ਸ. ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ‘ਰੰਗਲਾ ਪੰਜਾਬ’ ਸਿਰਜਣ ਦੀ ਦਿਸ਼ਾ ਵਿੱਚ ‘ਪੰਜਾਬ ਸਿੱਖਿਆ ਕ੍ਰਾਂਤੀ’ ਦੇ ਵਿਜ਼ਨ ਦਾ ਉਚੇਰੀ ਸਿੱਖਿਆ ਅਤੇ ਰੋਜ਼ਗਾਰ ਦੇ ਮੌਕਿਆਂ ਤੱਕ ਵਿਸਥਾਰ ਕਰ ਰਹੀ ਹੈ। ਇਹ ਉਪਰਾਲਾ, ਉਨ੍ਹਾਂ ਵਿੱਤੀ ਅਤੇ ਹੋਰ ਰੁਕਾਵਟਾਂ ਨੂੰ ਦੂਰ ਕਰੇਗਾ, ਜਿਨ੍ਹਾਂ ਕਰਕੇ ਅਕਸਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ, ਖ਼ਾਸ ਕਰਕੇ ਪੇਂਡੂ ਖੇਤਰਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨਾਲ ਸਬੰਧਤ ਨੌਜਵਾਨ ਸਿਵਲ ਸੇਵਾਵਾਂ ਦੀ ਮਿਆਰੀ ਕੋਚਿੰਗ ਲੈਣ ਤੋਂ ਵਾਂਝੇ ਰਹਿ ਜਾਂਦੇ ਸਨ।
ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੇ ਹਰ ਨੌਜਵਾਨ ਦੀਆਂ ਅੱਖਾਂ ਵਿੱਚ ਇੱਕ ਸੁਪਨਾ ਹੈ ਅਤੇ ਕਿਸੇ ਵੀ ਸੁਪਨੇ ਦੀ ਉਡਾਣ ਸਿਰਫ਼ ਇਸ ਲਈ ਨਹੀਂ ਰੁਕਣੀ ਚਾਹੀਦੀ ਕਿ ਪਰਿਵਾਰ ਕੋਚਿੰਗ ਦਾ ਖ਼ਰਚਾ ਨਹੀਂ ਚੁੱਕ ਸਕਦਾ ਜਾਂ ਵਿਦਿਆਰਥੀ ਕਿਸੇ ਵੱਡੇ ਕੋਚਿੰਗ ਸੈਂਟਰ ਤੋਂ ਦੂਰ ਰਹਿੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਬੱਚੇ ਪੂਰੀ ਆਜ਼ਾਦੀ ਨਾਲ ਵੱਡੇ ਸੁਪਨੇ ਵੇਖਣ ਅਤੇ ਇਹ ਸਮਝ ਕੇ ਚੱਲਣ ਕਿ ਸਰਕਾਰ ਹਰ ਕਦਮ 'ਤੇ ਉਨ੍ਹਾਂ ਦੇ ਨਾਲ ਖੜ੍ਹੀ ਹੈ।”
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਇਸ ਪਹਿਲਕਦਮੀ ਰਾਹੀਂ ਅਸੀਂ ਉਨ੍ਹਾਂ ਮੌਕਿਆਂ ਨੂੰ ਖੋਲ੍ਹ ਰਹੇ ਹਾਂ ਜੋ ਪਹਿਲਾਂ ਕਈ ਵਿਦਿਆਰਥੀਆਂ ਨੂੰ ਆਪਣੀ ਪਹੁੰਚ ਤੋਂ ਬਾਹਰ ਜਾਪਦੇ ਸਨ। ਅਸੀਂ ਉਨ੍ਹਾਂ ਨੂੰ ਭਵਿੱਖ ਦੇ ਅਧਿਕਾਰੀ, ਪ੍ਰਸ਼ਾਸਕ ਅਤੇ ਆਗੂ ਬਣਨ ਦਾ ਆਤਮ-ਵਿਸ਼ਵਾਸ ਦੇ ਰਹੇ ਹਾਂ। ‘ਪੰਜਾਬ ਸਿੱਖਿਆ ਕ੍ਰਾਂਤੀ’ ਸਿਰਫ਼ ਕਲਾਸਰੂਮਾਂ ਨੂੰ ਸੁਧਾਰਨ ਤੱਕ ਸੀਮਤ ਨਹੀਂ ਹੈ; ਇਹ ਸਾਡੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਦਾ ਉਪਰਾਲਾ ਹੈ। ਜਦੋਂ ਸਾਡਾ ਨੌਜਵਾਨ ਅੱਗੇ ਵਧੇਗਾ, ਤਾਂ ਪੰਜਾਬ ਅੱਗੇ ਵਧੇਗਾ। ਅਸੀਂ ਸਾਰੇ ਰਲ ਕੇ ਰੰਗਲੇ ਪੰਜਾਬ ਦੀ ਸਿਰਜਣਾ ਵੱਲ ਲਗਾਤਾਰ ਕਦਮ ਵਧਾ ਰਹੇ ਹਾਂ।
ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਸਿਵਲ ਸੇਵਾਵਾਂ ਦੀ ਤਿਆਰੀ ਕਰਨ ਵਾਲੇ ਹਰ ਉਮੀਦਵਾਰ ਦਾ ਇੱਕ ਸੁਪਨਾ, ਸਾਲਾਂ ਭਰ ਦਾ ਦ੍ਰਿੜ ਇਰਾਦਾ ਅਤੇ ਉਸਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਨਾਲ ਖੜ੍ਹਾ ਉਸਦਾ ਪਰਿਵਾਰ ਹੁੰਦਾ ਹੈ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਕਿਸੇ ਵਿਦਿਆਰਥੀ ਦੇ ਅੱਗੇ ਵਧਣ ਦੀ ਸੀਮਾ ਉਸਦੇ ਪਰਿਵਾਰ ਦੇ ਵਿੱਤੀ ਹਾਲਾਤ ਤੈਅ ਨਾ ਕਰਨ।
ਉਨ੍ਹਾਂ ਅੱਗੇ ਕਿਹਾ, “ਇਸ ਉਪਰਾਲੇ ਸਦਕਾ ਪਿੰਡ ਜਾਂ ਕਿਸੇ ਛੋਟੇ ਕਸਬੇ ਦੇ ਕਾਲਜ ਵਿੱਚ ਪੜ੍ਹਦੇ ਵਿਦਿਆਰਥੀ ਨੂੰ ਵੀ ਉਹੀ ਯੋਜਨਾਬੱਧ ਤਿਆਰੀ, ਸੇਧ ਅਤੇ ਅਕਾਦਮਿਕ ਸਹਾਇਤਾ ਮਿਲੇਗੀ ਜੋ ਕਿਸੇ ਵੱਡੇ ਕੋਚਿੰਗ ਹੱਬ ਵਿੱਚ ਪੜ੍ਹ ਰਹੇ ਵਿਦਿਆਰਥੀ ਨੂੰ ਮਿਲਦੀ ਹੈ। ਸਾਡੇ ਲਈ ‘ਪੰਜਾਬ ਸਿੱਖਿਆ ਕ੍ਰਾਂਤੀ’ ਦੀ ਅਸਲ ਸਫ਼ਲਤਾ ਉਦੋਂ ਹੈ ਜਦੋਂ ਹਰੇਕ ਵਿਦਿਆਰਥੀ ਇਹ ਮਹਿਸੂਸ ਕਰਨ ਲੱਗੇ ਕਿ ਕੋਈ ਵੀ ਮੰਜ਼ਿਲ ਉਸ ਦੀ ਪਹੁੰਚ ਤੋਂ ਦੂਰ ਨਹੀਂ ਹੈ ਅਤੇ ਸਾਡੀ ਇਹ ਪਹਿਲ ਉਸੇ ਭਰੋਸੇ ਨੂੰ ਬਣਦਾ ਸਹਿਯੋਗ, ਮੌਕੇ ਅਤੇ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਹੈ।”
Powered by Froala Editor